ਸ਼ਹਿਰ ਦੇ ਉੱਪਰ, ਇੱਕ ਲੰਬੇ ਕਾਲਮ 'ਤੇ, ਖੁੱਸ਼ ਰਾਜਕੁਮਾਰ ਦਾ ਬੁੱਤ ਖੜ੍ਹਾ ਸੀ। ਉਸ ਨੂੰ ਸੋਨੇ ਦੇ ਚਮਕਦਾਰ ਪਤਲੇ ਪੱਤਰਾਂ ਨਾਲ ਢੱਕਿਆ ਹੋਇਆ ਸੀ, ਉਸ ਦੀਆਂ ਅੱਖਾਂ ਦੀ ਜਗਾ ਦੋ ਚਮਕਦਾਰ ਨੀਲਮ ਸਨ ਅਤੇ ਇੱਕ ਵੱਡੀ ਲਾਲ ਰੂਬੀ ਤਲਵਾਰ ਦੀ ਹੱਥੀ ਤੇ ਜੜੀ ਹੋਈ ਸੀ।
"ਤੂੰ ਖੁਸ਼ ਰਾਜਕੁਮਾਰ ਵਰਗਾ ਕਿਉਂ ਨਹੀਂ ਹੋ ਸਕਦਾ?" ਚੰਦਰਮਾ ਲਈ ਰੋਣ ਵਾਲੇ ਆਪਣੇ ਛੋਟੇ ਮੁੰਡੇ ਨੂੰ ਉਸ ਦੀ ਸਮਝਦਾਰ ਮਾਂ ਨੇ ਪੁੱਛਿਆ, "ਖੁੱਸ਼ ਰਾਜਕੁਮਾਰ ਨੇ ਕਦੇ ਕਿਸੇ ਚੀਜ ਲਈ ਰੋਣ ਦਾ ਸੁਪਨਾ ਵੀ ਨਹੀ ਲਿਆ ਸੀ।"
"ਮੈਨੂੰ ਖੁਸ਼ੀ ਹੈ ਕਿ ਦੁਨੀਆ ਵਿਚ ਕੋਈ ਅਜਿਹਾ ਵਿਅਕਤੀ ਸੀ ਜੋ ਬਹੁਤ ਖੁਸ਼ ਸੀ," ਇਕ ਨਿਰਾਸ਼ਾਵਾਦੀ ਆਦਮੀ ਨੇ ਉਸ ਸ਼ਾਨਦਾਰ ਬੁੱਤ ਵੱਲ ਦੇਖਦੇ ਹੋਏ ਫੁਸਫੁਸਾਇਆ।
ਇੱਕ ਰਾਤ ਉਥੇ ਸ਼ਹਿਰ ਵਿੱਚੋਂ ਇੱਕ ਛੋਟਾ ਜਿਹਾ ਚਿੜਾ ਉੱਡਿਆ। ਉਸ ਦੇ ਦੋਸਤ ਛੇ ਹਫ਼ਤੇ ਪਹਿਲਾਂ ਹੀ ਮਿਸਰ ਚਲੇ ਗਏ ਸਨ, ਪਰ ਉਹ ਪਿੱਛੇ ਰਹਿ ਗਿਆ ਸੀ, ਕਿਉਂਕਿ ਉਸ ਨੂੰ ਸਭ ਤੋਂ ਸੁੰਦਰ ਕਾਨੇ ਨਾਲ ਪਿਆਰ ਸੀ। ਉਹ ਉਸ ਨੂੰ ਬਸੰਤ ਵਿੱਚ ਪਹਿਲਾਂ ਮਿਲਿਆ ਸੀ, ਜਦੋਂ ਉਹ ਇਕ ਵੱਡੇ ਪੀਲੇ ਕੀੜੇ ਦੇ ਪਿੱਛੇ ਨਦੀ ਤੇ ਉਡ ਰਿਹਾ ਸੀ, ਅਤੇ ਉਸ ਦੇ ਪਤਲੇ ਲੱਕ ਤੋਂ ਇੰਨਾ ਆਕਰਸ਼ਿਤ ਹੋਇਆ ਸੀ ਕਿ ਉਹ ਉਸ ਨਾਲ ਗੱਲ ਕਰਨ ਲਈ ਰੁੱਕ ਗਿਆ ਸੀ।
"ਕੀ ਮੈਂ ਤੈਨੂੰ ਪਿਆਰ ਕਰਾਂ?" ਚਿੜੀ ਨੇ ਕਿਹਾ, ਜੋ ਇੱਕੋ ਵਾਰ ਬਿੰਦੂ ਤੇ ਆਉਣਾ ਪਸੰਦ ਕਰਦਾ ਸੀ, ਅਤੇ ਕਾਨਾ ਉਸ ਅੱਗੇ ਝੂਕ ਗਈ। ਇਸ ਲਈ ਉਹ ਉਸ ਦੇ ਆਲੇ ਦੁਆਲੇ ਉੱਡਿਆ, ਆਪਣੇ ਖੰਭਾਂ ਨਾਲ ਪਾਣੀ ਛੁਹੰਦਿਆ ਚਾਂਦੀ ਦੀ ਝਿੱਲੀ ਬਣਾ ਦਿੱਤੀ। ਇਹ ਉਸ ਦੀ ਪ੍ਰੇਮ-ਭਾਵਨਾ ਸੀ, ਅਤੇ ਇਹ ਸਭ ਕੁਝ ਗਰਮੀਆਂ ਤੱਕ ਜਾਰੀ ਰਿਹਾ।
"ਇਹ ਇੱਕ ਹਾਸੋਹੀਣੀ ਲਗਾਵ ਹੈ," ਦੂਸਰੇ ਚਿੜਿਆਂ ਨੇ ਚੁੱਟਕੀ ਭਰੀ; "ਉਸ ਕੋਲ ਕੋਈ ਪੈਸਾ ਨਹੀਂ, ਅਤੇ ਬਹੁਤ ਸਾਰੇ ਮੇਲ-ਜੋੜ ਹਨ"; ਅਤੇ ਅਸਲ ਵਿੱਚ ਨਦੀ ਕਾਨਿਆਂ ਨਾਲ ਭਰਪੂਰ ਸੀ। ਫਿਰ, ਜਦੋਂ ਪਤਝੜ ਆਈ ਤਾਂ ਉਹ ਸਾਰੇ ਉੱਡ ਗਏ।
ਉਹਨਾਂ ਦੇ ਜਾਣ ਤੋਂ ਬਾਅਦ ਉਸਨੇ ਇਕੱਲਾਪਣ ਮਹਿਸੂਸ ਕੀਤਾ, ਅਤੇ ਆਪਣੇ ਇਸਤਰੀ-ਪ੍ਰੇਮ ਤੋਂ ਥੱਕਣਾ ਸ਼ੁਰੂ ਹੋ ਗਿਆ। ਉਸ ਨੇ ਕਿਹਾ, "ਉਸ ਕੋਲ ਕੋਈ ਗੱਲ ਨਹੀਂ ਹੈ, ਅਤੇ ਮੈਨੂੰ ਡਰ ਹੈ ਕਿ ਉਹ ਇੱਕ ਖੁੱਲੇ ਦਿਲ ਦੀ ਔਰਤ ਹੈ, ਕਿਉਂਕਿ ਉਹ ਹਮੇਸ਼ਾਂ ਹਵਾ ਨਾਲ ਗੱਲਾਂ ਮਾਰਦੀ ਹੈ." ਅਤੇ ਨਿਸ਼ਚਿਤ ਤੌਰ ਤੇ, ਜਦੋਂ ਵੀ ਹਵਾ ਵਗੀ, ਕਾਨੇ ਨੇ ਸਭ ਤੋਂ ਵਧੀਆ ਪੇਸ਼ਕਾਰੀ ਕੀਤੀ। "ਮੈਂ ਮੰਨਦਾ ਹਾਂ ਕਿ ਉਹ ਘਰ ਗ੍ਰਹਿਸਤੀ ਵਾਲੀ ਔਰਤ ਹੈ,” ਉਸ ਨੇ ਅੱਗੇ ਕਿਹਾ, “ਪਰ ਮੈਨੂੰ ਸਫ਼ਰ ਕਰਨਾ ਪਸੰਦ ਹੈ, ਅਤੇ ਮੇਰੀ ਹੋਣ ਵਾਲੀ ਪਤਨੀ ਨੂੰ ਵੀ ਸਫ਼ਰ ਕਰਨਾ ਚਾਹੀਦਾ ਹੈ।"
"ਕੀ ਤੂੰ ਮੇਰੇ ਨਾਲ ਆਵੇਂਗੀ?" ਉਸਨੇ ਆਖਿਰ ਉਸ ਨੂੰ ਕਿਹਾ, ਪਰ ਕਾਨੇ ਨੇ ਆਪਣਾ ਸਿਰ ਹਿਲਾਇਆ, ਉਹ ਆਪਣੇ ਘਰ ਨਾਲ ਇੰਨੀ ਜੁੜੀ ਹੋਈ ਸੀ।
"ਤੂੰ ਮੈਨੂੰ ਅਪਮਾਨਿਤ ਕੀਤਾ ਹੈ।" ਉਸ ਨੇ ਕਿਹਾ, "ਮੈਂ ਪਿਰਾਮਿਡ ਵੱਲ ਜਾ ਰਿਹਾ ਹਾਂ। ਚੰਗਾ! "ਅਤੇ ਉਹ ਉੱਥੋਂ ਨਿਕਲ ਗਿਆ।
ਸਾਰਾ ਦਿਨ ਉਹ ਉੱਡਦਾ ਰਿਹਾ, ਅਤੇ ਰਾਤ ਵੇਲੇ ਉਹ ਸ਼ਹਿਰ ਆ ਗਿਆ। "ਮੈਂ ਕਿੱਥੇ ਰੁੱਕਾਂ?" ਉਸ ਨੇ ਕਿਹਾ; "ਮੈਂ ਆਸ ਕਰਦਾ ਹਾਂ ਕਿ ਸ਼ਹਿਰ ਨੇ ਤਿਆਰੀਆਂ ਕੀਤੀਆਂ ਹੋਣਗੀਆਂ।"
ਫਿਰ ਉਸਨੇ ਬੁੱਤ ਨੂੰ ਲੰਮੇ ਸਤਰ ਤੇ ਵੇਖਿਆ।
"ਮੈਂ ਇੱਥੇ ਹੀ ਰੱਹਾਂਗਾ," ਉਹ ਚਿੱਲਾਇਆ: "ਇਹ ਤਾਜੀ ਹਵਾ ਵਾਲੀ ਵਧੀਆ ਜਗਾ ਹੈ।" ਇਸ ਲਈ ਉਹ ਖੁੱਸ਼ ਰਾਜਕੁਮਾਰ ਦੇ ਪੈਰਾਂ ਦੇ ਵਿਚਕਾਰ ਹੀ ਉਤਰਿਆ।
"ਮੇਰੇ ਕੋਲ ਸੋਨੇ ਦਾ ਬਿਸਤਰ ਹੈ," ਉਸਨੇ ਆਪਣੇ ਆਪ ਨੂੰ ਹੌਲੀ ਜਿਹੇ ਕਿਹਾ ਜਿਵੇਂ ਉਹ ਆਸ-ਪਾਸ ਦੇਖ ਰਿਹਾ ਸੀ, ਅਤੇ ਉਹ ਸੌਣ ਲਈ ਤਿਆਰ ਹੋ ਗਿਆ; ਪਰ ਅਜੇ ਉਸ ਨੇ ਆਪਣੇ ਖੰਭਾਂ ਹੇਠ ਸਿਰ ਰੱਖਿਆ ਹੀ ਸੀ ਉਸ ਉੱਤੇ ਪਾਣੀ ਦੀ ਇਕ ਵੱਡੀ ਬੂੰਦ ਡਿੱਗੀ। "ਇਹ ਕਿੰਨੀ ਅਨੋਖੀ ਗੱਲ ਹੈ!" ਉਹ ਚੀਕਿਆ; "ਅਕਾਸ਼ ਵਿਚ ਇਕ ਵੀ ਬੱਦਲ ਨਹੀਂ ਹੈ, ਤਾਰੇ ਕਿੰਨੇ ਸਾਫ਼ ਅਤੇ ਚਮਕ ਰਹੇ ਹਨ, ਅਤੇ ਫਿਰ ਵੀ ਮੀਂਹ ਪੈ ਰਿਹਾ ਹੈ। ਯੂਰਪ ਦੇ ਉੱਤਰ ਵਿੱਚ ਮੌਸਮ ਅਸਲ ਵਿੱਚ ਭਿਆਨਕ ਹੈ। ਕਾਨਾ ਮੀਂਹ ਦੀ ਤਰ੍ਹਾਂ ਸੀ, ਪਰ ਇਹ ਸਿਰਫ ਉਸ ਦਾ ਸੁਆਰਥ ਸੀ।"
ਫਿਰ ਇੱਕ ਹੋਰ ਬੂੰਦ ਡਿੱਗੀ।
"ਇੱਕ ਮੂਰਤੀ ਦੀ ਵਰਤੋਂ ਕੀ ਹੈ ਜੇ ਮੀਂਹ ਤੋਂ ਬਚਾਅ ਨਾ ਹੋ ਸਕੇ?" ਉਸ ਨੇ ਕਿਹਾ; "ਮੈਨੂੰ ਇੱਕ ਚੰਗੀ ਚਿਮਨੀ-ਪੋਟ ਲੱਭਣੀ ਚਾਹੀਦੀ ਹੈ," ਅਤੇ ਉਸਨੇ ਉੱਡਣ ਦਾ ਪੱਕਾ ਇਰਾਦਾ ਕੀਤਾ।
ਪਰ ਉਸ ਦੇ ਖੰਭ ਖੁੱਲਣ ਤੋਂ ਪਹਿਲਾਂ ਇਕ ਤੀਸਰੀ ਬੂੰਦ ਡਿੱਗ ਪਈ ਅਤੇ ਉਸ ਨੇ ਉੱਪਰ ਵੱਲ ਦੇਖਿਆ ਅਤੇ ਓਹ! ਉਸ ਨੇ ਕੀ ਦੇਖਿਆ?
ਖੁੱਸ਼ ਰਾਜਕੁਮਾਰ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ, ਅਤੇ ਉਸ ਦੀਆਂ ਸੁਨਿਹਰੀਆਂ ਗੱਲਾਂ ਤੋਂ ਹੰਝੂ ਡਿੱਗ ਰਹੇ ਸਨ। ਉਸ ਦਾ ਚਿਹਰਾ ਚੰਦ ਦੀ ਰੌਸ਼ਨੀ ਵਿਚ ਇੰਨਾ ਸੁੰਦਰ ਸੀ ਕਿ ਛੋਟਾ ਚਿੜਾ ਦਇਆ ਨਾਲ ਭਰਿਆ ਹੋਇਆ ਸੀ।
"ਤੁਸੀ ਕੌਣ ਹੈਂ?" ਉਸ ਨੇ ਕਿਹਾ।
"ਮੈਂ ਖੁੱਸ਼ ਰਾਜਕੁਮਾਰ ਹਾਂ।"
"ਤੁਸੀ ਫਿਰ ਰੋ ਕਿਉਂ ਰਹੇ ਹੋ?" ਚਿੜੇ ਨੇ ਪੁੱਛਿਆ; "ਤੁਸੀਂ ਮੈਨੂੰ ਪਰੇਸ਼ਾਨ ਲੱਗ ਰਹੇ ਹੋ।"
"ਜਦੋਂ ਮੈਂ ਜੀਉਂਦਾ ਸੀ ਅਤੇ ਮਨੁੱਖੀ ਰੂਪ ਵਿੱਚ ਸੀ," ਮੂਰਤੀ ਨੇ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ ਸੀ ਕਿ ਹੰਝੂ ਕੀ ਸਨ, ਕਿਉਂਕਿ ਮੈਂ ਸੈਨ-ਸੂਕੀ ਦੇ ਮਹਿਲ ਵਿਚ ਰਹਿੰਦਾ ਸੀ, ਜਿੱਥੇ ਉਦਾਸੀ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਦਿਨ ਵਿਚ ਮੈਂ ਆਪਣੇ ਸਾਥੀਆਂ ਨਾਲ ਬਾਗ਼ ਵਿਚ ਖੇਡਦਾ ਅਤੇ ਸ਼ਾਮ ਨੂੰ ਮੈਂ ਵੱਡੇ ਹਾਲ ਵਿਚ ਡਾਂਸ ਦੀ ਅਗਵਾਈ ਕਰਦਾ। ਬਾਗ਼ ਦੇ ਚਾਰੇ ਪਾਸੇ ਇੱਕ ਬਹੁਤ ਹੀ ਉੱਚੀ ਕੰਧ ਸੀ, ਪਰ ਮੈਂ ਇਹ ਪੁੱਛਣ ਦੀ ਕਦੇ ਪਰਵਾਹ ਨਹੀਂ ਕੀਤੀ ਕਿ ਇਸ ਤੋਂ ਪਰੇ ਕੀ ਹੈ, ਮੇਰੇ ਲਈ ਸਭ ਕੁਝ ਇੰਨਾ ਸੁੰਦਰ ਸੀ। ਮੇਰੇ ਦਰਬਾਰੀ ਮੈਨੂੰ ਖੁੱਸ਼ ਰਾਜਕੁਮਾਰ ਬੁਲਾਉਂਦੇ, ਅਤੇ ਸੱਚਮੁੱਚ ਹੀ ਮੈਂ ਖੁਸ਼ ਸੀ, ਜੇਕਰ ਅਨੰਦ ਖੁਸ਼ੀ ਹੋਵੇ। ਇਸ ਤਰਾਂ ਮੈਂ ਰਿਹਾ, ਅਤੇ ਇਵੇਂ ਮੈਂ ਮਰ ਗਿਆ। ਅਤੇ ਹੁਣ, ਜੋ ਕਿ ਮੈਂ ਮਰ ਗਿਆ ਹਾਂ, ਉਹਨਾਂ ਨੇ ਮੈਨੂੰ ਇੰਨੀ ਉਚਾਈ ਤੇ ਸਥਾਪਿਤ ਕੀਤਾ ਹੈ ਕਿ ਮੈਨੂੰ ਮੇਰੇ ਸ਼ਹਿਰ ਦੀ ਬਦਸੂਰਤੀ ਅਤੇ ਸਾਰੇ ਦੁੱਖ ਦਿਖਾਈ ਦਿੰਦੇ ਹਨ। ਭਾਵੇਂ ਮੇਰਾ ਦਿਲ ਸਿੱਕੇ ਦਾ ਬਣਾਇਆ ਗਿਆ ਹੈ, ਪਰ ਹਾਲੇ ਵੀ ਮੈਂ ਰੋਣ ਤੋਂ ਇਲਾਵਾ ਹੋਰ ਕੁੱਝ ਨਹੀਂ ਚੁਣ ਸਕਦਾ।”
""ਹੈਂ! ਕੀ ਉਹ ਖਰੇ ਸੋਨੇ ਦਾ ਨਹੀਂ ਹੈ?” ਚਿੜੇ ਨੇ ਆਪਣੇ ਆਪ ਨੂੰ ਕਿਹਾ। ਨਿੱਜੀ ਟਿੱਪਣੀ ਨੂੰ ਉੱਚੀ ਬੋਲਣ ਵਿੱਚ ਉਹ ਬਹੁਤ ਸਿਆਣਾ ਸੀ।
"ਦੂਰ" ਮੂਰਤੀ ਨੇ ਮੱਧਮ ਸੰਗੀਤਮਈ ਆਵਾਜ਼ ਵਿਚ ਜਾਰੀ ਰੱਖਿਆ, "ਦੂਰ ਇਕ ਛੋਟੀ ਗਲੀ ਵਿਚ ਇਕ ਗਰੀਬ ਘਰ ਹੈ। ਇਕ ਖਿੜਕੀ ਖੁੱਲ੍ਹੀ ਹੈ, ਅਤੇ ਇਸਦੇ ਰਾਹੀਂ ਮੈਂ ਟੇਬਲ 'ਤੇ ਬੈਠੀ ਇਕ ਔਰਤ ਨੂੰ ਵੇਖ ਸਕਦਾ ਹਾਂ। ਉਸ ਦਾ ਚਿਹਰਾ ਪਤਲਾ ਅਤੇ ਖਰਾਬ ਹੈ, ਅਤੇ ਉਸ ਦੇ ਖਰਾਬ ਲਾਲ ਹੱਥ ਹਨ, ਸਾਰੇ ਸੂਈ ਦੇ ਖੁੱਭੇ ਹਨ, ਕਿਉਂਕਿ ਉਹ ਇੱਕ ਦਰਜੀ ਹੈ। ਉਹ ਰਾਣੀ ਦੀ ਸੱਭ ਤੋਂ ਮਨਮੋਹਕ ਮੇਡ-ਆਫ-ਹਾਨਰ ਲਈ ਅਗਲੇ ਕੋਰਟ-ਬਾਲ ਵਿੱਚ ਪਹਿਨਣ ਲਈ ਸਟਿਨ ਗਾਉਨ ਤੇ ਮਨਮੋਹਕ-ਫੁੱਲਾਂ ਦੀ ਕਢਾਈ ਕਰ ਰਹੀ ਹੈ। ਕਮਰੇ ਦੇ ਕੋਨੇ ਵਿਚ ਇਕ ਬਿਸਤਰੇ ਵਿਚ ਉਸ ਦਾ ਬੱਚਾ ਬੀਮਾਰ ਪਿਆ ਹੋਇਆ ਹੈ। ਉਸ ਨੂੰ ਬੁਖ਼ਾਰ ਹੈ, ਅਤੇ ਸੰਤਰੇ ਮੰਗ ਰਿਹਾ ਹੈ। ਉਸ ਦੀ ਮਾਂ ਕੋਲ ਨਹਿਰ ਦੇ ਪਾਣੀ ਤੋਂ ਇਲਾਵਾ ਕੁੱਝ ਵੀ ਨਹੀਂ ਹੈ, ਇਸ ਲਈ ਉਹ ਰੋ ਰਿਹਾ ਹੈ। ਚਿੜੇ, ਚਿੜੇ, ਛੋਟੇ ਚਿੜੇ, ਕੀ ਤੂੰ ਉਸ ਨੂੰ ਮੇਰੀ ਤਲਵਾਰ ਦੀ ਹੱਥੀ ਵਿੱਚੋਂ ਰੂਬੀ ਕੱਢ ਕੇ ਦੇ ਆਵੇਂਗਾ? ਮੇਰੇ ਪੈਰਾਂ ਨੂੰ ਇਹਨਾਂ ਨੇ ਬੰਨਿਆਂ ਪਿਆ ਹੈ ਅਤੇ ਮੈਂ ਚਲ ਨਹੀਂ ਸਕਦਾ।"
"ਮੈਂ ਮਿਸਰ ਲਈ ਇੰਤਜ਼ਾਰ ਕਰ ਰਿਹਾ ਹਾਂ", ਚਿੜੇ ਨੇ ਕਿਹਾ. "ਮੇਰੇ ਦੋਸਤ ਨੀਲ ਨਦੀ ਦੇ ਆਲੇ-ਦੁਆਲੇ ਘੁੰਮ ਰਹੇ ਹਨ ਅਤੇ ਵੱਡੇ ਕਮਲ-ਫੁੱਲਾਂ ਨਾਲ ਗੱਲ ਕਰ ਰਹੇ ਹਨ। ਜਲਦੀ ਹੀ ਉਹ ਮਹਾਨ ਰਾਜੇ ਦੀ ਕਬਰ ਵਿੱਚ ਸੌਣ ਲਈ ਜਾਣਗੇ। ਰਾਜਾ ਉੱਥੇ ਆਪ ਆਪਣੇ ਦੁਆਰਾ ਰੰਗੇ ਤਾਬੂਤ ਵਿੱਚ ਹੈ। ਉਹ ਪੀਲੇ ਰੰਗ ਦੀ ਲਿਨਨ ਵਿੱਚ ਲਪੇਟਿਆ ਹੋਇਆ ਹੈ ਅਤੇ ਮਸਾਲੇ ਦੇ ਨਾਲ ਸੁਗੰਧਿਤ ਹੈ। ਉਸ ਦੀ ਗਰਦਨ ਦੁਆਲੇ ਹਲਕੇ ਨੀਲੇ ਜੇਡ ਦੀ ਮਾਲਾ ਹੈ, ਅਤੇ ਉਸ ਦੇ ਹੱਥ ਸੁੱਕੀਆਂ ਪੱਤੀਆਂ ਦੀ ਤਰ੍ਹਾਂ ਹਨ।"
"ਚਿੜੇ, ਚਿੜੇ, ਛੋਟੇ ਚਿੜੇ," ਰਾਜਕੁਮਾਰ ਨੇ ਕਿਹਾ, "ਕੀ ਤੂੰ ਮੇਰੇ ਨਾਲ ਇੱਕ ਰਾਤ ਲਈ ਰਹਿ ਕੇ ਮੇਰਾ ਦੂਤ ਬਣੇਂਗਾ? ਮੁੰਡਾ ਬਹੁਤ ਪਿਆਸਾ ਹਨ, ਅਤੇ ਮਾਂ ਉਦਾਸ ਹੈ।"
"ਮੈਨੂੰ ਨਹੀਂ ਲਗਦਾ ਕਿ ਮੈਨੂੰ ਮੁੰਡੇ ਪਸੰਦ ਹਨ," ਚਿੜੇ ਨੇ ਜਵਾਬ ਦਿੱਤਾ. "ਆਖ਼ਰੀ ਗਰਮੀਆਂ, ਜਦੋਂ ਮੈਂ ਨਦੀ 'ਤੇ ਠਹਿਰਿਆ ਸੀ, ਦੋ ਬੇਈਮਾਨ ਲੜਕੇ, ਮਿੱਲਰ ਦੇ ਪੁੱਤਰ ਸਨ, ਜੋ ਹਮੇਸ਼ਾ ਮੇਰੇ' ਤੇ ਪੱਥਰ ਸੁੱਟਦੇ ਸਨ। ਉਹ ਕਦੇ ਵੀ ਮੇਰੇ ਮਾਰ ਨਹੀ ਪਾਏ, ਬੇਸ਼ੱਕ; ਅਸੀਂ ਚਿੜੇ ਬਹੁਤ ਤੇਜ਼ ਹਾਂ, ਅਤੇ ਇਸਤੋਂ ਇਲਾਵਾ, ਮੈਂ ਇਸ ਤਰਾਂ ਦੀ ਕਾਬਲਿਅਤ ਵਾਲੇ ਇੱਕ ਪ੍ਰਸਿੱਧ ਪਰਿਵਾਰ ਤੋਂ ਹਾਂ; ਪਰ ਫਿਰ ਵੀ, ਇਹ ਮੇਰੀ ਬੇਇੱਜ਼ਤੀ ਸੀ।"
ਪਰ ਖੁੱਸ਼ ਰਾਜਕੁਮਾਰ ਇੰਨਾ ਉਦਾਸ ਸੀ ਕਿ ਛੋਟੇ ਚਿੜੇ ਨੂੰ ਅਫ਼ਸੋਸ ਹੋਇਆ। "ਇੱਥੇ ਬਹੁਤ ਠੰਢ ਹੈ," ਉਸਨੇ ਕਿਹਾ; "ਪਰ ਮੈਂ ਇਕ ਰਾਤ ਤੁਹਾਡੇ ਨਾਲ ਰਹਾਂਗਾ, ਅਤੇ ਤੁਹਾਡਾ ਦੂਤ ਬਣਾਂਗਾ।"
"ਤੇਰਾ ਧੰਨਵਾਦ, ਛੋਟੇ ਚਿੜੇ," ਰਾਜਕੁਮਾਰ ਨੇ ਕਿਹਾ।
ਇਸ ਲਈ ਚਿੜੇ ਨੇ ਰਾਜਕੁਮਾਰ ਦੀ ਤਲਵਾਰ ਤੋਂ ਮਹਾਨ ਰੂਬੀ ਕੱਢ ਲਿਆ ਅਤੇ ਸ਼ਹਿਰ ਦੇ ਛੱਤਾਂ ਉੱਤੇ ਆਪਣੀ ਚੁੰਝ ਵਿੱਚ ਉਸ ਨੂੰ ਲੈ ਕੇ ਉੱਡ ਗਿਆ।
ਉਸਨੇ ਕੈਥਲ ਟਾਵਰ ਪਾਰ ਕੀਤਾ, ਜਿੱਥੇ ਚਿੱਟੇ ਸੰਗਮਰਮਰ ਦੇ ਦੂਤ ਬਣਾਏ ਗਏ ਸਨ। ਉਹ ਮਹਿਲ ਤੋਂ ਲੰਘਿਆ ਅਤੇ ਨੱਚਣ ਦੀ ਆਵਾਜ਼ ਸੁਣੀ। ਇੱਕ ਸੁੰਦਰ ਲੜਕੀ ਆਪਣੇ ਪ੍ਰੇਮੀ ਦੇ ਨਾਲ ਬਾਲਕੋਨੀ ਤੋਂ ਬਾਹਰ ਆਈ "ਸਿਤਾਰੇ ਕਿੰਨੇ ਅਦਭੁੱਤ ਹਨ," ਉਸਨੇ ਕਿਹਾ, “ਅਤੇ ਪਿਆਰ ਦੀ ਸ਼ਕਤੀ ਕਿੰਨੀ ਅਦਭੁੱਤ ਹੈ! "
"ਮੈਂ ਆਸ ਕਰਦੀ ਹਾਂ ਕਿ ਮੇਰੀ ਡਰੈੱਸ ਕੋਰਟ-ਬਾਲ ਲਈ ਸਮੇਂ ਸਿਰ ਤਿਆਰ ਹੋ ਜਾਵੇਗੀ, "ਉਸਨੇ ਜਵਾਬ ਦਿੱਤਾ: "ਮੈਂ ਇਸ 'ਤੇ ਮਨਮੋਹਕ-ਫੁੱਲਾਂ ਦੀ ਕਢਾਈ ਕਰਨ ਦਾ ਆਦੇਸ਼ ਦਿੱਤਾ ਹੈ; ਪਰ ਅਜੱਕਲ ਦਰਜੀ ਬਹੁਤ ਆਲਸੀ ਹਨ।"
ਉਹ ਨਦੀ ਦੇ ਪਾਰ ਲੰਘਿਆ ਅਤੇ ਜਹਾਜ਼ਾਂ ਦੇ ਕਿਨਾਰੇ ਤੇ ਲਟਕਣ ਵਾਲੇ ਲਾਲਟੈਨਾਂ ਨੂੰ ਵੇਖਿਆ। ਉਹ ਝੂੱਗੀਆਂ ਦੇ ਪਾਰ ਲੰਘਿਆ ਅਤੇ ਬੁੱਢੇ ਯਹੂਦੀਆਂ ਨੂੰ ਇਕ-ਦੂਜੇ ਨਾਲ ਸੌਦੇਬਾਜ਼ੀ ਕਰਦੇ ਅਤੇ ਪਿੱਤਲ ਦੇ ਕੰਡਿਆਂ ਵਿਚ ਪੈਸੇ ਦਾ ਭਾਰ ਤੋਲਦੇ ਦੇਖਿਆ। ਆਖ਼ਰਕਾਰ ਉਹ ਗਰੀਬ ਘਰ ਵਿਚ ਆਇਆ ਅਤੇ ਅੰਦਰ ਦੇਖਿਆ। ਉਹ ਮੁੰਡਾ ਆਪਣੇ ਬਿਸਤਰੇ ਤੇ ਬਿਮਾਰ ਪਿਆ ਸੀ, ਅਤੇ ਉਸਦੀ ਮਾਂ ਸੌਂ ਗਈ ਸੀ, ਬਹੁਤ ਥੱਕ ਗਈ ਹੋਵੇਗੀ। ਉਸ ਨੇ ਆਸ ਕੀਤੀ, ਅਤੇ ਔਰਤ ਦੀ ਸੂਈ ਦੇ ਨਾਲ ਮੇਜ਼ 'ਤੇ ਰੂਬੀ ਰੱਖਿਆ। ਫਿਰ ਉਹ ਆਪਣੇ ਖੰਭਾਂ ਨਾਲ ਮੁੰਡੇ ਦੇ ਸਿਰ ਨੂੰ ਹਵਾ ਦਿੰਦੇ ਹੋਏ ਪਿਆਕ ਨਾਲ ਬਿਸਤਰੇ ਦੇ ਚਾਰੇ ਪਾਸੇ ਉੱਡਿਆ. "ਮੈਂਨੂੰ ਠੰਢਾ ਮਹਿਸੂਸ ਹੋ ਰਿਹਾ ਹੈ," ਮੁੰਡੇ ਨੇ ਕਿਹਾ, "ਮੈਂ ਬੇਹਤਰ ਹੋ ਰਿਹਾ ਹੋਵਾਂਗਾ।"; ਅਤੇ ਉਹ ਇੱਕ ਮਿੱਠੀ ਨੀਂਦ ਵਿੱਚ ਡੁੱਬ ਗਿਆ।
ਫਿਰ ਚਿੜਾ ਵਾਪਸ ਖੁੱਸ਼ ਰਾਜਕੁਮਾਰ ਕੋਲ ਗਿਆ, ਅਤੇ ਉਸਨੂੰ ਦੱਸਿਆ ਕਿ ਉਸਨੇ ਕੀ ਕੀਤਾ ਸੀ। "ਇਹ ਉਤਸੁਕਤਾ-ਪੂਰਨ ਹੈ," ਉਸ ਨੇ ਕਿਹਾ, "ਅਤੇ ਹੁਣ ਮੈਂ ਬਹੁਤ ਨਿੱਘਾ ਮਹਿਸੂਸ ਕਰਦਾ ਹਾਂ, ਹਾਲਾਂਕਿ ਬਹੁਤ ਠੰਡ ਹੈ।"
"ਇਹ ਇਸ ਕਰਕੇ ਹੈ ਕਿਉਂਕਿ ਤੂੰ ਇੱਕ ਚੰਗਾ ਕੰਮ ਕੀਤਾ ਹੈ," ਰਾਜਕੁਮਾਰ ਨੇ ਕਿਹਾ। ਅਤੇ ਛੋਟਾ ਚਿੜਾ ਸੋਚਣ ਲੱਗਾ, ਅਤੇ ਫਿਰ ਉਹ ਸੌਂ ਗਿਆ। ਸੋਚਣ ਨਾਲ ਹਮੇਸ਼ਾ ਉਸ ਨੂੰ ਨੀਂਦ ਆ ਜਾਂਦੀ ਸੀ।
ਜਦੋਂ ਦਿਨ ਖਤਮ ਹੋਇਆ ਤਾਂ ਉਹ ਨਦੀ ਤੇ ਗਿਆ ਅਤੇ ਨਹਾਇਆ। "ਇਹ ਕਿੰਨੀ ਅਨੋਖੀ ਘਟਨਾ ਹੈ,” ਪੁਰਾਤਨ ਵਿਗਿਆਨੀ ਦੇ ਪ੍ਰੋਫੈਸਰਾਂ ਨੇ ਕਿਹਾ ਜੋ ਉਹ ਪੁਲ ਤੋਂ ਲੰਘ ਰਹੇ ਸਨ। "ਸਰਦੀ ਹੈ ਅਤੇ ਇੱਕ ਚਿੜਾ ਨਦੀ ਵਿੱਚ!" ਅਤੇ ਉਸਨੇ ਇਸ ਘਟਨਾ ਬਾਰੇ ਸਥਾਨਕ ਅਖ਼ਬਾਰ ਨੂੰ ਲਿਖਿਆ।
"ਕੱਲ੍ਹ ਰਾਤ ਮੈਂ ਮਿਸਰ ਨੂੰ ਜਾਣਾ ਹੈ," ਚਿੜੇ ਨੇ ਕਿਹਾ, ਅਤੇ ਉਹ ਉਸ ਸਬੰਧੀ ਉੱਚ ਸ਼ਕਤੀ ਨਾਲ ਭਰਿਆ ਸੀ। ਉਸ ਨੇ ਸਾਰੇ ਜਨਤਕ ਸੁੰਘੇਤਰਾਂ ਦਾ ਦੌਰਾ ਕੀਤਾ, ਅਤੇ ਚਰਚ ਦੇ ਸਿਖਰ ਦੇ ਉੱਪਰ ਇੱਕ ਲੰਮੇ ਸਮੇਂ ਲਈ ਬੈਠਿਆ। ਜਿਥੇ ਕਿਤੇ ਵੀ ਉਹ ਗਿਆ, ਚਿੜੀਆਂ ਚਿਹਕਾਈਆਂ, ਅਤੇ ਇਕ-ਦੂਜੇ ਨੂੰ ਕਿਹਾ, "ਕਿੰਨਾ ਵੱਖਰਾ ਪਰਦੇਸੀ ਹੈ!" ਇਸ ਤਰਾਂ ਉਸਨੇ ਇਸਦਾ ਬਹੁਤ ਆਨੰਦ ਮਾਣਿਆ।
ਜਦੋਂ ਚੰਦਰਮਾ ਉੱਠਿਆ ਤਾਂ ਉਹ ਵਾਪਿਸ ਖੁੱਸ਼ ਰਾਜਕੁਮਾਰ ਕੋਲ ਆਇਆ। "ਕੀ ਤੁਹਾਨੂੰ ਮਿਸਰ ਦੇ ਲਈ ਕੁੱਝ ਕਹਿਣਾ ਹੈ?" ਉਸ ਜੋਸ਼ ਵਿੱਚ ਬੋਲਿਆ, "ਮੈਂ ਹੁਣੇ ਹੀ ਜਾ ਰਿਹਾ ਹਾਂ।"
"ਚਿੜੇ, ਚਿੜੇ, ਛੋਟੇ ਚਿੜੇ," ਰਾਜਕੁਮਾਰ ਨੇ ਕਿਹਾ, “ਕੀ ਤੂੰ ਮੇਰੇ ਨਾਲ ਇੱਕ ਰਾਤ ਹੋਰ ਨਹੀਂ ਰੁਕੇਂਗਾ?”
" ਮਿਸਰ ਮੇਰਾ ਇੰਤਜ਼ਾਰ ਕਰ ਰਿਹਾ ਹੈ," ਚਿੜੇ ਨੇ ਜਵਾਬ ਦਿੱਤਾ। "ਕੱਲ੍ਹ ਮੇਰੇ ਦੋਸਤ ਦੂਜੇ ਝਰਨੇ ਤੱਕ ਉੱਡਣਗੇ। ਨਦੀ-ਘੋੜੇ ਸਰਕੰਡੇ ਵਿਚ ਵਿਚਰਦੇ ਹਨ, ਅਤੇ ਇਕ ਵਿਸ਼ਾਲ ਗ੍ਰੇਨਾਈਟ ਤਖਤ ਉੱਤੇ ਪਰਮਾਤਮਾ ਮੇਮਨਨ ਬੈਠਦਾ ਹੈ। ਸਾਰੀ ਰਾਤ ਉਹ ਤਾਰਿਆਂ ਨੂੰ ਦੇਖਦਾ ਹੈ, ਅਤੇ ਜਦੋਂ ਸਵੇਰ ਦਾ ਤਾਰਾ ਚਮਕਦਾ ਹੈ ਤਾਂ ਉਹ ਖੁਸ਼ੀ ਵਿੱਚ ਰੌਲਾ ਪਾਉਂਦਾ ਹੈ, ਅਤੇ ਫੇਰ ਉਹ ਚੁੱਪ ਹੋ ਜਾਂਦਾ ਹੈ। ਦੁਪਹਿਰ ਵਿੱਚ ਪੀਲੇ ਸ਼ੇਰ ਪੀਣ ਲਈ ਪਾਣੀ ਦੇ ਕਿਨਾਰੇ ਆਉਂਦੇ ਹਨ. ਉਨ੍ਹਾਂ ਦੀਆਂ ਅੱਖਾਂ ਵਿੱਚ ਜੋਸ਼ ਹੁੰਦਾ ਹੈ, ਅਤੇ ਉਨ੍ਹਾਂ ਦੀ ਗਰਜ ਝਰਨੇ ਦੀ ਗਰਜ ਨਾਲੋਂ ਵੱਧ ਹੁੰਦੀ ਹੈ।"
" ਚਿੜੇ, ਚਿੜੇ, ਛੋਟੇ ਚਿੜੇ," ਰਾਜਕੁਮਾਰ ਨੇ ਕਿਹਾ,"ਸ਼ਹਿਰ ਤੋਂ ਬਹੁਤ ਦੂਰ ਮੈਂ ਪਰਛੱਤੀ ਵਿੱਚ ਇੱਕ ਨੌਜਵਾਨ ਨੂੰ ਵੇਖ ਰਿਹਾ ਹਾਂ। ਉਹ ਕਾਗਜ਼ਾਂ ਦੇ ਨਾਲ ਢਕੇ ਮੇਜ ਤੇ ਝੁਕਿਆ ਹੋਇਆ ਹੈ ਅਤੇ ਉਸਦੇ ਕੋਲ ਇਕ ਗਿਲਾਸ ਵਿਚ ਸੁੱਕੇ ਜਾਮਣੀ ਫੁੱਲਾਂ ਦਾ ਇਕ ਗੁੱਛਾ ਹੈ। ਉਸ ਦੇ ਵਾਲ ਭੂਰੇ ਅਤੇ ਕੁਰਕੁਰੇ ਹਨ, ਅਤੇ ਉਸ ਦੇ ਬੁੱਲ੍ਹ ਅਨਾਰ ਵਾਂਗ ਲਾਲ ਹਨ, ਅਤੇ ਉਸ ਦੀਆਂ ਵੱਡੀਆਂ ਸੁਪਨੇ ਵਾਲੀਆਂ ਅੱਖਾਂ ਹਨ। ਉਹ ਥੀਏਟਰ ਦੇ ਨਿਰਦੇਸ਼ਕ ਲਈ ਇੱਕ ਪਲੇਅ ਖਤਮ ਕਰਨ ਦੀ ਕੋਸ਼ਿਸ਼ ਰਿਹਾ ਹੈ, ਪਰ ਅੱਗੇ ਲਿਖ ਨਹੀ ਹੋ ਰਿਹਾ ਕਿਉਂਕਿ ਠੰਢ ਜਿਆਦਾ ਹੈ। ਗਰੇਟ ਵਿਚ ਕੋਈ ਅੱਗ ਨਹੀਂ ਹੈ, ਅਤੇ ਭੁੱਖ ਨੇ ਉਸ ਨੂੰ ਹਲਕਾ ਕਰ ਦਿੱਤਾ ਹੈ।"
ਚਿੜੇ ਵੀ ਸੱਚਮੁੱਚ ਇਕ ਚੰਗੇ ਦਿਲ ਦਾ ਮਾਲਕ ਸੀ, "ਮੈਂ ਤੁਹਾਡੇ ਨਾਲ ਇਕ ਰਾਤ ਰੁਕਾਂਗਾ" ਚਿੜੇ ਨੇ ਕਿਹਾ,"ਕੀ ਮੈਂ ਉਸਨੂੰ ਇਕ ਹੋਰ ਰੂਬੀ ਦੇਵਾਂ?"
"ਓਹ! ਹੁਣ ਮੇਰੇ ਕੋਲ ਕੋਈ ਰੂਬੀ ਨਹੀਂ ਹੈ," ਰਾਜਕੁਮਾਰ ਨੇ ਕਿਹਾ; "ਮੇਰੀਆਂ ਅੱਖਾਂ ਹਨ, ਜੋ ਮੇਰੇ ਕੋਲ ਬਾਕੀ ਹਨ। ਉਹ ਦੁਰਲੱਭ ਨੀਲਮ ਦੀਆਂ ਹਨ, ਜੋ ਇੱਕ ਹਜ਼ਾਰ ਸਾਲ ਪਹਿਲਾਂ ਭਾਰਤ ਤੋਂ ਲਿਆਂਦੀਆਂ ਗਈਆਂ ਸਨ। ਉਹਨਾਂ ਵਿੱਚੋਂ ਇੱਕ ਨੂੰ ਕੱਢੋ ਅਤੇ ਉਸ ਕੋਲ ਲੈ ਜਾਓ। ਉਹ ਇਸ ਨੂੰ ਜੌਹਰੀ ਨੂੰ ਵੇਚ ਦੇਵੇਗਾ, ਭੋਜਨ ਅਤੇ ਬਾਲਣ ਖਰੀਦ ਲਵੇਗਾ, ਅਤੇ ਆਪਣਾ ਪਲੇਅ ਪੂਰਾ ਕਰੇਗਾ।"
"ਪਿਆਰੇ ਰਾਜਕੁਮਾਰ," ਚਿੜੇ ਨੇ ਕਿਹਾ,"ਮੈਂ ਇਹ ਨਹੀਂ ਕਰ ਸਕਦਾ"; ਅਤੇ ਉਹ ਰੋਣ ਲੱਗ ਪਿਆ।
"ਚਿੜੇ, ਚਿੜੇ, ਪਿਆਰੇ ਚਿੜੇ," ਰਾਜਕੁਮਾਰ ਨੇ ਕਿਹਾ, “ਕਰੋ ਜੋ ਮੈਂ ਤੁਹਾਨੂੰ ਆਦੇਸ਼ ਦਿੰਦਾ ਹਾਂ।"
ਇਸ ਲਈ ਚਿੜੇ ਨੇ ਰਾਜਕੁਮਾਰ ਦੀ ਅੱਖ ਕੱਢ ਲਈ, ਅਤੇ ਵਿਦਿਆਰਥੀ ਦੀ ਪਰਛੱਤੀ ਲਈ ਚੱਲ ਪਿਆ। ਛੱਤ ਵਿਚ ਇਕ ਮੋਰੀ ਸੀ ਇਸ ਲਈ ਅੰਦਰ ਆਉਣਾ ਕਾਫ਼ੀ ਸੌਖਾ ਸੀ। ਇਸ ਦੇ ਜ਼ਰੀਏ ਉਹ ਦਾਖਲ ਹੋ ਗਿਆ ਅਤੇ ਕਮਰੇ ਵਿਚ ਆਇਆ। ਨੌਜਵਾਨ ਨੇ ਆਪਣਾ ਸਿਰ ਆਪਣੇ ਹੱਥਾਂ ਵਿੱਚ ਦਬਾਇਆ ਹੋਇਆ ਸੀ, ਇਸ ਲਈ ਉਸਨੇ ਪੰਛੀ ਦੇ ਖੰਭਾਂ ਦੀ ਆਵਾਜ਼ ਨਹੀਂ ਸੁਣੀ, ਅਤੇ ਜਦੋਂ ਉਸਨੇ ਉੱਪਰ ਵੱਲ ਵੇਖਿਆ ਤਾਂ ਉਸਨੂੰ ਸੁੱਕੇ ਜਾਮਣੀ ਫੁੱਲਾਂ ਤੇ ਪਿਆ ਸੁੰਦਰ ਨੀਲਮ ਲੱਭਿਆ।
"ਮੇਰੀ ਪ੍ਰਸ਼ੰਸਾ ਹੋਣੀ ਸ਼ੁਰੂ ਹੋ ਗਈ ਹੈ" ਉਹ ਰੋਂਦੇ ਹੋਏ ਬੋਲਿਆ, "ਇਹ ਜਰੂਰ ਕਿਸੇ ਮਹਾਨ ਪ੍ਰਸ਼ੰਸਕ ਤੋਂ ਹੈ। ਹੁਣ ਮੈਂ ਆਪਣਾ ਪਲੇਅ ਸਮਾਪਤ ਕਰ ਸਕਦਾ ਹਾਂ, "ਅਤੇ ਉਹ ਬਹੁਤ ਖੁਸ਼ ਹੋਇਆ।
ਅਗਲੇ ਦਿਨ ਚਿੜਾ ਬੰਦਰਗਾਹ ਤੱਕ ਚਲਾ ਗਿਆ। ਉਹ ਇੱਕ ਵੱਡੇ ਜਹਾਜ਼ ਦੇ ਮਾਲ ਤੇ ਬੈਠ ਗਿਆ ਅਤੇ ਵੱਡੀਆਂ ਤਿਜੋਰੀਆਂ ਵਾਲੇ ਮਲਾਹਾਂ ਨੂੰ ਰੱਸੀਆਂ ਫੜੇ ਵੇਖਿਆ। "ਮੈਂ ਮਿਸਰ ਜਾ ਰਿਹਾ ਹਾਂ"! ਚਿੜਾ ਚੀਕਿਆ, ਪਰ ਕਿਸੇ ਨੇ ਧਿਆਨ ਨਾ ਦਿੱਤਾ, ਅਤੇ ਜਦੋਂ ਚੰਦਰਮਾ ਉੱਠਿਆ ਤਾਂ ਉਹ ਵਾਪਸ ਖੁੱਸ਼ ਰਾਜਕੁਮਾਰ ਕੋਲ ਵਾਪਸ ਚਲੇ ਗਿਆ।
"ਮੈਂ ਤੈਨੂੰ ਅਲਵਿਦਾ ਕਹਿਣ ਲਈ ਆਇਆ ਹਾਂ" ਉਹ ਰੋਂਦੇ ਹੋਏ ਬੋਲਿਆ।
"ਚਿੜੇ, ਚਿੜੇ, ਪਿਆਰੇ ਚਿੜੇ," ਰਾਜਕੁਮਾਰ ਨੇ ਕਿਹਾ, “ਕੀ ਤੂੰ ਮੇਰੇ ਨਾਲ ਇਕ ਰਾਤ ਨਹੀਂ ਰਹੇਂਗਾ?"
"ਇੱਥੇ ਸਰਦੀ ਹੈ," ਚਿੜੇ ਨੇ ਜਵਾਬ ਦਿੱਤਾ," ਅਤੇ ਜਲਦੀ ਹੀ ਠੰਢੀ ਬਰਫ ਪੈਣ ਲੱਗ ਜਾਵੇਗੀ। ਮਿਸਰ ਵਿਚ ਸੂਰਜ ਹਰੇ ਖਜੂਰ ਦੇ ਦਰਖ਼ਤਾਂ ਉੱਤੇ ਨਿੱਘ ਦੇ ਰਿਹਾ ਹੈ, ਅਤੇ ਮਗਰਮੱਛ ਚਿੱਕੜ ਵਿਚ ਪੈ ਜਾਂਦੇ ਹਨ ਅਤੇ ਬੜੇ ਆਲਸੀ ਨਜ਼ਰ ਆਉਂਦੇ ਹਨ। ਮੇਰੇ ਸਾਥੀ ਬਾਲਬੈਕ ਦੇ ਮੰਦਰ ਵਿਚ ਇਕ ਆਲ੍ਹਣਾ ਬਣਾ ਰਹੇ ਹਨ, ਅਤੇ ਗੁਲਾਬੀ ਅਤੇ ਚਿੱਟੇ ਕਬੂਤਰ ਉਨ੍ਹਾਂ ਨੂੰ ਦੇਖ ਰਹੇ ਹਨ, ਅਤੇ ਇਕ-ਦੂਜੇ ਨਾਲ ਜੁੜ ਰਹੇ ਹਨ। ਪਿਆਰੇ ਰਾਜਕੁਮਾਰ, ਮੈਨੂੰ ਤੁਹਾਨੂੰ ਛੱਡਣਾ ਪਵੇਗਾ, ਪਰ ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗਾ, ਅਤੇ ਅਗਲੀ ਬਸੰਤ ਵਿੱਚ ਮੈਂ ਤੁਹਾਨੂੰ ਜੋ ਤੁਸੀਂ ਜੇਵਰਾਤ ਦਿੱਤੇ ਹਨ, ਉਨ੍ਹਾਂ ਤੋਂ ਵੀ ਵੱਧ ਖੁਬਸੂਰਤ ਜੇਵਰ ਲਿਆ ਕੇ ਦੇਵਾਂਗਾ। ਰੂਬੀ ਲਾਲ ਗੁਲਾਬ ਤੋਂ ਵੀ ਵੱਧ ਲਾਲ ਹੋਵੇਗਾ, ਅਤੇ ਨੀਲਮ ਦਾ ਰੰਗ ਡੁੰਘੇ ਸਮੁੰਦਰ ਵਰਗਾ ਨੀਲਾ ਹੋਵੇਗਾ।"
"ਹੇਠਾਂ ਚੋਂਕ ਵਿਚ," ਖੁੱਸ਼ ਰਾਜਕੁਮਾਰ ਨੇ ਕਿਹਾ," ਇਕ ਛੋਟੀ ਜਿਹੀ ਲੜਕੀ ਹੈ। ਉਸਨੇ ਆਪਣੀਆਂ ਮਾਚਿਸਾਂ ਗੱਟਰ ਵਿੱਚ ਸੁੱਟ ਲਈਆਂ ਹਨ, ਅਤੇ ਉਹ ਸਾਰੀਆਂ ਖਰਾਬ ਹੋ ਗਈਆਂ ਹਨ। ਉਸ ਦਾ ਪਿਤਾ ਉਸ ਨੂੰ ਕੁੱਟੇਗਾ ਜੇ ਉਹ ਕੁਝ ਪੈਸੇ ਨਹੀਂ ਲਿਆਏਗੀ, ਅਤੇ ਉਹ ਰੋ ਰਹੀ ਹੈ। ਉਸ ਕੋਲ ਕੋਈ ਜੁੱਤੀ ਜਾਂ ਪਜਾਮੀ ਨਹੀਂ ਹੈ, ਅਤੇ ਉਸਦਾ ਛੋਟਾ ਜਿਹਾ ਸਿਰ ਵੀ ਨੰਗਾ ਹੈ। ਮੇਰੀ ਦੂਜੀ ਅੱਖ ਕੱਢੋ, ਅਤੇ ਉਸਨੂੰ ਦੇ ਦਿਓ, ਅਤੇ ਉਸ ਦੇ ਪਿਤਾ ਉਸਨੂੰ ਕੁੱਟਣਗੇ ਨਹੀਂ।"
"ਮੈਂ ਤੁਹਾਡੇ ਨਾਲ ਇਕ ਰਾਤ ਨੂੰ ਹੋਰ ਰਹਾਂਗਾ," ਚਿੜੇ ਨੇ ਕਿਹਾ,"ਪਰ ਮੈਂ ਤੁਹਾਡੀ ਅੱਖ ਨਹੀਂ ਕੱਢ ਸਕਦਾ। ਤੁਸੀਂ ਫਿਰ ਪੂਰੇ ਅੰਨ੍ਹੇ ਹੋ ਜਾਵੋਗੇ।“
"ਚਿੜੇ, ਚਿੜੇ, ਪਿਆਰੇ ਚਿੜੇ," ਰਾਜਕੁਮਾਰ ਨੇ ਕਿਹਾ, “ਕਰੋ ਜੋ ਮੈਂ ਤੁਹਾਨੂੰ ਆਦੇਸ਼ ਦਿੰਦਾ ਹਾਂ।"
ਇਸ ਤਰਾਂ ਉਸ ਨੇ ਰਾਜਕੁਮਾਰ ਦੀ ਦੂਸਰੀ ਅੱਖ ਬਾਹਰ ਕੱਢੀ, ਅਤੇ ਇਸ ਦੇ ਨਾਲ ਹੀ ਉਹ ਥੱਲੇ ਆ ਗਿਆ। ਉਹ ਮਾਚਿਸ ਵਾਲੀ ਲੜਕੀ ਦੇ ਅੱਗਿਓਂ ਲੰਘਿਆ, ਅਤੇ ਨੀਲਮ ਉਸਦੀ ਹਥੇਲੀ ਵਿੱਚ ਸੁੱਟ ਦਿੱਤਾ। "ਹਾਏ ਕਿੰਨਾ ਸੋਹਣਾ ਸ਼ੀਸ਼ਾ," ਛੋਟੀ ਕੁੜੀ ਚਿਲਾਈ: ਅਤੇ ਉਹ ਹੱਸਦੀ ਹੋਈ ਘਰ ਚਲੀ ਗਈ।
ਫਿਰ ਚਿੜਾ ਰਾਜਕੁਮਾਰ ਕੋਲ ਵਾਪਸ ਆਇਆ। "ਹੁਣ ਤੁਸੀਂ ਅੰਨ੍ਹੇ ਹੋ." ਉਸ ਨੇ ਕਿਹਾ, “ਇਸ ਲਈ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ।"
"ਨਹੀਂ, ਛੋਟੇ ਚਿੜੇ," ਵਿਚਾਰੇ ਰਾਜਕੁਮਾਰ ਨੇ ਕਿਹਾ, "ਤੈਨੂੰ ਮਿਸਰ ਜਾਣਾ ਚਾਹੀਦਾ ਹੈ।"
"ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ" ਚਿੜੇ ਨੇ ਕਿਹਾ, ਅਤੇ ਉਹ ਰਾਜਕੁਮਾਰ ਦੇ ਪੈਰਾਂ ਵਿੱਚ ਸੁੱਤਾ।
ਅਗਲੇ ਕਈ ਦਿਨ ਤੱਕ ਉਹ ਰਾਜਕੁਮਾਰ ਦੇ ਮੋਢੇ 'ਤੇ ਬੈਠ ਜਾਂਦਾ ਅਤੇ ਉਸ ਨੂੰ ਅਜੀਬ ਜਗਾਹਾਂ ਜੋ ਕੁਝ ਉਸਨੇ ਦੇਖੀਆਂ, ਉਸ ਦੀਆਂ ਕਹਾਣੀਆਂ ਸੁਣਾਉਂਦਾ। ਉਸ ਨੇ ਰਾਜਕੁਮਾਰ ਨੂੰ ਲਾਲ ਇਬਿੱਸਾਂ ਦੇ ਬਾਰੇ ਦੱਸਿਆ, ਜੋ ਨੀਲ ਦੇ ਕਿਨਾਰੇ ਤੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹਨ ਅਤੇ ਆਪਣੀਆਂ ਚੁੰਝਾਂ ਨਾਲ ਸੋਨੇ-ਮੱਛੀ ਨੂੰ ਫੜਦੇ ਹਨ; ਸਪੀਨੈਕਸ ਦੀਆਂ, ਜੋ ਕਿ ਸੰਸਾਰ ਦੇ ਬਰਾਬਰ ਪੁਰਾਣਾ ਹੈ, ਅਤੇ ਮਾਰੂਥਲ ਵਿੱਚ ਰਹਿੰਦਾ ਹੈ, ਅਤੇ ਸਭ ਕੁਝ ਜਾਣਦਾ ਹੈ; ਵਪਾਰੀ ਦੀਆਂ, ਜਿਹੜੇ ਆਪਣੇ ਊਠਾਂ ਦੇ ਨਾਲ ਹੌਲੀ ਹੌਲੀ ਤੁਰਦੇ ਹਨ, ਅਤੇ ਆਪਣੇ ਹੱਥਾਂ ਵਿੱਚ ਅੰਬਰ ਦੇ ਮਣਕਿਆਂ ਨੂੰ ਲੈ ਜਾਂਦੇ ਹਨ; ਚੰਦਰਮਾ ਦੇ ਪਰਬਤਾਂ ਦੇ ਰਾਜੇ ਦੀਆਂ, ਜੋ ਕਿ ਆਕੋਨ ਦੇ ਵਾਂਗ ਕਾਲਾ ਹੈ, ਅਤੇ ਇੱਕ ਵੱਡੇ ਸ਼ੀਸ਼ੇ ਦੀ ਪੂਜਾ ਕਰਦਾ ਹੈ; ਮਹਾਨ ਹਰੇ ਸੱਪ ਦੀਆਂ, ਜੋ ਖਜੂਰ ਦੇ ਦਰਖ਼ਤ ਵਿਚ ਸੌਂਦਾ ਹੈ, ਅਤੇ ਜਿਸ ਕੋਲ 20 ਪਾਦਰੀ ਹਨ ਜੋ ਇਸ ਨੂੰ ਸ਼ਹਿਦ ਕੇਕ ਦਾ ਖਾਣਾ ਦਿੰਦੇ ਹਨ. ਅਤੇ ਬੋਣਿਆਂ ਦੀਆਂ, ਜੋ ਵੱਡੇ ਚਪਟੇ ਪੱਤਿਆਂ 'ਤੇ ਇਕ ਵੱਡੀ ਝੀਲ' ਤੇ ਸਮੁੰਦਰੀ ਸਫ਼ਰ ਕਰਦੇ ਹਨ, ਅਤੇ ਹਮੇਸ਼ਾ ਤਿਤਲੀਆਂ ਦੇ ਨਾਲ ਲੜਦੇ ਰਹਿੰਦੇ ਹਨ।
"ਪਿਆਰੇ ਛੋਟੇ ਚਿੜੇ," ਰਾਜਕੁਮਾਰ ਨੇ ਕਿਹਾ, “ਤੂੰ ਮੈਨੂੰ ਬਹੁਤ ਵਧੀਆ ਗੱਲਾਂ ਦੱਸਦਾ ਹੈਂ, ਪਰ ਸਭ ਤੋਂ ਚੰਗੀ ਗੱਲ ਪੁਰਸ਼ਾਂ ਅਤੇ ਔਰਤਾਂ ਦੀ ਪੀੜ ਹੈ। ਮੁਸੀਬਤ ਤੋਂ ਇਲਾਵਾ ਕੋਈ ਭੇਤ ਇੰਨਾ ਵੱਡਾ ਨਹੀਂ ਹੈ। ਮੇਰੇ ਸ਼ਹਿਰ ਉੱਤੇ ਉੱਡ, ਛੋਟੇ ਚਿੜੇ, ਅਤੇ ਮੈਨੂੰ ਦੱਸ ਕਿ ਤੂੰ ਉੱਥੇ ਕੀ ਵੇਖਦਾ ਹੈਂ।"
ਇਸ ਤਰ੍ਹਾਂ, ਚਿੜਾ ਵੱਡੇ ਸ਼ਹਿਰ ਉੱਤੇ ਚਲਾ ਗਿਆ, ਅਤੇ ਅਮੀਰਾਂ ਨੂੰ ਉਨ੍ਹਾਂ ਦੇ ਸੁੰਦਰ ਘਰਾਣਿਆਂ ਵਿੱਚ ਮਜ਼ੇ ਕਰਦੇ ਵੇਖਿਆ, ਜਦਕਿ ਭਿਖਾਰੀ ਦਰਵਾਜ਼ੇ ਤੇ ਬੈਠੇ ਸਨ। ਉਹ ਹਨੇਰੀ ਸੜਕਾਂ ਵੱਲ ਗਿਆ ਅਤੇ ਉਸ ਨੇ ਦੇਖਿਆ ਕਿ ਕਾਲੀਆਂ ਸੜਕਾਂ ਵੱਲ ਬੇਧਿਆਨੇ ਦੇਖਦੇ ਭੁੱਖੇ ਬੱਚਿਆਂ ਦੇ ਚਿੱਟੇ ਚਿਹਰੇ ਦੇਖੇ। ਇੱਕ ਪੁੱਲ ਦੇ ਕਤਰਸੀਨ ਦੇ ਹੇਠਾਂ ਦੋ ਛੋਟੇ ਮੁੰਡੇ ਇਕ ਦੂਜੇ ਦੀਆਂ ਬਾਹਾਂ ਵਿੱਚ ਲੇਟੇ ਹੋਏ ਸਨ ਅਤੇ ਆਪਣੇ ਆਪ ਨੂੰ ਨਿੱਘੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। "ਬਹੁਤ ਭੁੱਖ ਲੱਗੀ ਹੈ!" ਉਨ੍ਹਾਂ ਨੇ ਕਿਹਾ। "ਤੁਸੀਂ ਇੱਥੇ ਨਹੀ ਲੇਟ ਸਕਦੇ," ਚੋਂਕੀਦਾਰ ਨੇ ਕਿਹਾ ਅਤੇ ਉਹ ਬਾਰਿਸ਼ ਵਿੱਚ ਭੱਜੇ।
ਫਿਰ ਉਹ ਵਾਪਸ ਆ ਗਿਆ ਅਤੇ ਰਾਜਕੁਮਾਰ ਨੂੰ ਜੋ ਉਸਨੇ ਵੇਖਿਆ, ਦੱਸਿਆ।
"ਮੈਂ ਕੀਮਤੀ ਸੋਨੇ ਨਾਲ ਢੱਕਿਆ ਹੋਇਆ ਹਾਂ," ਰਾਜਕੁਮਾਰ ਨੇ ਕਿਹਾ, “ਤੈਨੂੰ ਇਸ ਨੂੰ ਪੱਤਾ ਪੱਤਾ ਕਰਕੇ ਮੇਰੇ ਗਰੀਬਾਂ ਨੂੰ ਦੇਣਾ ਚਾਹੀਦਾ ਹੈ; ਜੀਵਤ ਹਮੇਸ਼ਾ ਸੋਚਦੇ ਹਨ ਕਿ ਸੋਨਾ ਉਨ੍ਹਾਂ ਨੂੰ ਖੁਸ਼ ਕਰ ਸਕਦਾ ਹੈ।"
ਚਿੜੇ ਨੇ ਕੀਮਤੀ ਸੋਨੇ ਨੂੰ ਪੱਤਾ ਪੱਤਾ ਕਰਕੇ ਲਾਹ ਦਿੱਤਾ, ਜਦੋਂ ਤੱਕ ਕਿ ਖੁੱਸ਼ ਰਾਜਕੁਮਾਰ ਬਹੁਤ ਭੱਦਾ ਅਤੇ ਸਲੇਟੀ ਨਜ਼ਰ ਨਹੀਂ ਆ ਗਿਆ। ਸੋਨੇ ਦੇ ਪੱਤੇ ਜਦੋਂ ਉਹ ਗਰੀਬਾਂ ਲਈ ਲਿਆਇਆ, ਬੱਚਿਆਂ ਦੇ ਚਿਹਰੇ ਤੇ ਰੋਸ਼ਨੀ ਆ ਗਈ, ਅਤੇ ਉਹ ਗਲੀ ਵਿੱਚ ਖੇਡੇ ਅਤੇ ਖੁੱਸ਼ ਹੋਏ। "ਸਾਡੇ ਕੋਲ ਰੋਟੀ ਹੈ!" ਉਹ ਰੋਏ।
ਫਿਰ ਬਰਫ ਪੈ ਗਈ, ਅਤੇ ਬਰਫ਼ ਤੋਂ ਬਾਅਦ ਠੰਡ ਆਈ। ਸੜਕਾਂ ਇਵੇਂ ਸਨ ਜਿਵੇਂ ਕਿ ਉਹ ਚਾਂਦੀ ਦੀਆਂ ਹੋਣ, ਉਹ ਬਹੁਤ ਚਮਕਦਾਰ ਅਤੇ ਚਟਕੀਲੀਆਂ ਸਨ; ਲਮਕਦੀ ਬਰਫ ਇਵੇਂ ਸੀ ਜਿਵੇਂ ਘਰ ਦੇ ਛੱਜੇ ਤੋਂ ਕ੍ਰਿਸਟਲ ਚਾਕੂ ਲਮਕਦੇ ਹੋਣ, ਹਰ ਕੋਈ ਫਰ ਵਿਚ ਸੀ, ਅਤੇ ਛੋਟੇ ਮੁੰਡਿਆਂ ਨੇ ਲਾਲ ਰੰਗ ਦੇ ਕੈਪ ਪਹਿਨੇ ਅਤੇ ਬਰਫ਼ ਉੱਤੇ ਸਕੇਟਿੰਗ ਕਰ ਰਹੇ ਸਨ।
ਵਿਚਾਰੇ ਛੋਟੇ ਚਿੜੇ ਨੂੰ ਠੰਢ ਲੱਗਦੀ ਜਾ ਰਹੀ ਸੀ, ਪਰ ਉਸ ਨੇ ਰਾਜਕੁਮਾਰ ਨੂੰ ਨਹੀਂ ਛੱਡਿਆ, ਉਹ ਉਸਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਹਲਵਾਈ ਦੇ ਦਰਵਾਜ਼ੇ ਦੇ ਬਾਹਰ ਟੁਕੜਿਆਂ ਨੂੰ ਚੁੱਕਿਆ ਜਦੋਂ ਹਲਵਾਈ ਨਹੀ ਦੇਖ ਰਿਹਾ ਸੀ ਅਤੇ ਆਪਣੇ ਖੰਭ ਫੜਫੜਾਏ ਤਾਂ ਕਿ ਆਪਣੇ ਆਪ ਨੂੰ ਨਿੱਘਾ ਰੱਖ ਸਕੇ।
ਪਰ ਆਖ਼ਰ ਵਿਚ ਉਹ ਜਾਣਦਾ ਸੀ ਕਿ ਉਹ ਮਰਨ ਜਾ ਰਿਹਾ ਸੀ। ਉਸ ਕੋਲ ਰਾਜਕੁਮਾਰ ਦੇ ਮੋਢੇ 'ਤੇ ਇਕ ਵਾਰ ਫਿਰ ਉੱਡਣ ਤੱਕ ਦੀ ਹੀ ਤਾਕਤ ਸੀ। ਉਹ ਫੁਸਫੁਸਾਇਆ, '' ਕੀ ਤੁਸੀਂ ਮੈਨੂੰ ਆਪਣਾ ਹੱਥ ਚੁੰਮਣ ਦੇ ਸਕਦੇ ਹੋ?”
"ਮੈਨੂੰ ਖੁਸ਼ੀ ਹੈ ਕਿ ਤੂੰ ਅਖੀਰ ਵਿਚ ਮਿਸਰ ਨੂੰ ਜਾ ਰਿਹਾ ਹੈਂ, ਪਿਆਰੇ ਚਿੜੇ," ਰਾਜਕੁਮਾਰ ਨੇ ਕਿਹਾ, “ਤੂੰ ਇੱਥੇ ਬਹੁਤ ਲੰਮਾ ਸਮਾਂ ਠਹਿਰਿਆਂ ਹੈਂ; ਤੂੰ ਮੈਨੂੰ ਬੁੱਲ੍ਹਾਂ 'ਤੇ ਚੁੰਮ, ਕਿਉਂਕਿ ਮੈਂ ਤੈਨੂੰ ਪਿਆਰ ਕਰਦਾ ਹਾਂ।"
"ਉਹ ਮਿਸਰ ਨਹੀਂ ਹੈ ਜਿੱਥੇ ਮੈਂ ਜਾ ਰਿਹਾ ਹਾਂ," ਚਿੜੇ ਨੇ ਕਿਹਾ। "ਮੈਂ ਮੌਤ ਦੇ ਘਰ ਜਾ ਰਿਹਾ ਹਾਂ. ਮੌਤ ਨੀਂਦ ਦਾ ਵੱਡਾ ਭਰਾ ਹੈ, ਹੈ ਨਾ? "
ਅਤੇ ਉਸਨੇ ਖੁੱਸ਼ ਰਾਜਕੁਮਾਰ ਨੂੰ ਬੁੱਲ੍ਹਾਂ 'ਤੇ ਚੁੰਮਿਆ, ਚੁੰਮਦਿਆਂ ਹੀ ਮਰ ਗਿਆ ਅਤੇ ਉਸਦੇ ਪੈਰਾਂ' ਤੇ ਡਿੱਗ ਪਿਆ।
ਉਸ ਪਲ ਮੂਰਤੀ ਦੇ ਅੰਦਰੋਂ ਇੱਕ ਅਜੀਬ ਤੜਕ ਦੀ ਆਵਾਜ ਆਈ, ਜਿਵੇਂ ਕਿ ਕੁਝ ਟੁੱਟਿਆ ਹੋਵੇ। ਹਕੀਕਤ ਇਹ ਹੈ ਕਿ ਉਸਦਾ ਸਿੱਕੇ ਦਾ ਦਿੱਲ ਬਿਲਕੁੱਲ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ। ਇਹ ਨਿਸ਼ਚਿਤ ਤੌਰ ਤੇ ਇੱਕ ਡਰਾਉਣੀ ਮੰਦਭਾਗੀ ਠੰਡ ਸੀ।
ਅਗਲੀ ਸਵੇਰੇ ਮੇਅਰ ਟਾਉਨ ਕੋਂਸਲਰਾਂ ਦੇ ਨਾਲ ਸ਼ਹਿਰ ਵਿਚ ਘੁੰਮ ਰਿਹਾ ਸੀ। ਜਦੋਂ ਉਹ ਅੱਗੇ ਗਏ ਤਾਂ ਉਸਨੇ ਬੁੱਤ ਵੱਲ ਦੇਖਿਆ: "ਮੇਰੇ ਪਿਆਰਿਓ! ਖੁੱਸ਼ ਰਾਜਕੁਮਾਰ ਕਿੰਨਾ ਭੱਦਾ ਲੱਗ ਰਿਹਾ ਹੈ!” ਉਸ ਨੇ ਕਿਹਾ।
"ਸੱਚਮੁੱਚ ਕਿੰਨਾ ਭੱਦਾ!" ਟਾਊਨ ਕੋਂਸਲਰਾਂ ਨੇ ਕਿਹਾ। ਉਹ ਹਮੇਸ਼ਾ ਮੇਅਰ ਨਾਲ ਸਹਿਮਤ ਹੁੰਦੇ ਹਨ; ਅਤੇ ਉਹ ਇਸ ਨੂੰ ਦੇਖਣ ਲਈ ਗਏ।
ਮੇਅਰ ਨੇ ਕਿਹਾ, ''ਰੂਬੀ ਤਲਵਾਰ ਵਿਚੋਂ ਨਿਕਲ ਗਿਆ ਹੈ, ਉਸ ਦੀਆਂ ਅੱਖਾਂ ਚਲੀਆਂ ਗਈਆਂ ਹਨ, ਅਤੇ ਉਹ ਹੁਣ ਸੋਨੇ ਦਾ ਨਹੀਂ ਹੈ,'' ਮੇਅਰ ਨੇ ਤੱਥਪੂਰਨ ਕਿਹਾ, “ਅਸਲ ਵਿਚ ਉਹ ਭਿਖਾਰੀ ਨਾਲੋਂ ਵੀ ਗਿਆ ਗੁਜਰਿਆ ਲੱਗ ਰਿਹਾ ਹੈ!”
'ਭਿਖਾਰੀ ਨਾਲੋਂ ਵੀ ਗਿਆ ਗੁਜਰਿਆ ਲੱਗ ਰਿਹਾ ਹੈ,'' ਟਾਊਨ ਕੋਂਸਲਰਾਂ ਨੇ ਕਿਹਾ।
"ਅਤੇ ਇੱਥੇ ਅਸਲ ਵਿਚ ਉਸ ਦੇ ਪੈਰਾਂ ਤੇ ਇੱਕ ਮੁਰਦਾ ਪੰਛੀ ਵੀ ਹੈ!" ਮੇਅਰ ਜਾਰੀ ਰਿਹਾ। "ਸਾਨੂੰ ਸੱਚਮੁੱਚ ਇਕ ਘੋਸ਼ਣਾ ਜਾਰੀ ਕਰਨੀ ਚਾਹੀਦੀ ਹੈ ਕਿ ਪੰਛੀਆਂ ਨੂੰ ਇੱਥੇ ਮਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।" ਅਤੇ ਟਾਊਨ ਕਲਰਕ ਨੇ ਇਸ ਸੁਝਾਅ ਨੂੰ ਨੋਟ ਕੀਤਾ।
ਇਸ ਲਈ ਉਨ੍ਹਾਂ ਨੇ ਖੁੱਸ਼ ਰਾਜਕੁਮਾਰ ਦੀ ਮੂਰਤੀ ਨੂੰ ਹੇਠਾਂ ਲਾਹਿਆ। ਯੂਨੀਵਰਸਿਟੀ ਦੇ ਕਲਾ ਪ੍ਰੋਫੈਸਰ ਨੇ ਕਿਹਾ ਕਿ "ਕਿਉਂਕਿ ਉਹ ਹੁਣ ਸੁੰਦਰ ਨਹੀਂ ਤਾਂ ਉਹ ਹੁਣ ਲਾਭਦਾਇਕ ਨਹੀਂ ਰਿਹਾ।"
ਫਿਰ ਉਨ੍ਹਾਂ ਨੇ ਇਕ ਭੱਠੀ ਵਿਚ ਬੁੱਤ ਨੂੰ ਪਿਘਲਾ ਦਿੱਤਾ ਅਤੇ ਮੇਅਰ ਨੇ ਕਾਰਪੋਰੇਸ਼ਨ ਦੀ ਮੀਟਿੰਗ ਇਹ ਫੈਸਲਾ ਕਰਨ ਲਈ ਕੀਤੀ ਕਿ ਪਿਘਲੇ ਧਾਤੂ ਨਾਲ ਕੀ ਕਰਨਾ ਸੀ। "ਸਾਡੇ ਕੋਲ ਹੋਰ ਮੂਰਤੀ ਹੋਣੀ ਚਾਹੀਦੀ ਹੈ, ਯਕੀਨਨ," ਉਸ ਨੇ ਕਿਹਾ, “ਅਤੇ ਇਹ ਮੇਰੀ ਮੂਰਤ ਹੋਵੇਗੀ।"
"ਮੇਰੀ," ਟਾਊਨ ਕੋਂਸਲਰਾਂ ਵਿੱਚੋਂ ਹਰ ਇੱਕ ਨੇ ਕਿਹਾ, ਅਤੇ ਉਹ ਝਗੜਣ ਲੱਗ ਪਏ। ਜਦੋਂ ਮੈਂ ਪਿਛਲੀ ਵਾਰ ਉਹਨਾਂ ਨੂੰ ਸੁਣਿਆ ਤਾਂ ਉਹ ਅਜੇ ਵੀ ਝਗੜ ਰਹੇ ਸਨ।
"ਕਿੰਨੀ ਅਜੀਬ ਗੱਲ!" ਫਾਉਂਡਰੀ ਵਿਚ ਵਰਕਰਾਂ ਦੇ ਜਾਂਚ ਕਰਤਾ ਨੇ ਕਿਹਾ: "ਇਹ ਟੁੱਟਿਆ ਹੋਇਆ ਦਿਲ ਭੱਠੀ ਵਿੱਚ ਨਹੀਂ ਪਿਘਲਿਆ। ਸਾਨੂੰ ਇਸ ਨੂੰ ਦੂਰ ਸੁੱਟ ਦੇਣਾ ਚਾਹੀਦਾ ਹੈ।" ਇਸ ਲਈ ਉਨ੍ਹਾਂ ਨੇ ਇਸ ਨੂੰ ਧੂੜ-ਢੇਰਾਂ 'ਤੇ ਸੁੱਟ ਦਿੱਤਾ, ਜਿੱਥੇ ਮਰਿਆ ਹੋਇਆ ਚਿੜਾ ਵੀ ਪਿਆ ਹੋਇਆ ਸੀ।
"ਸ਼ਹਿਰ ਵਿਚ ਦੋ ਸਭ ਤੋਂ ਅਨਮੋਲ ਚੀਜ਼ਾਂ ਲਿਆਓ," ਆਪਣੇ ਇਕ ਦੂਤ ਨੂੰ ਪਰਮਾਤਮਾ ਨੇ ਕਿਹਾ: ਅਤੇ ਦੂਤ ਉਸ ਕੋਲ ਉਹ ਸਿੱਕੇ ਦਾ ਦਿਲ ਅਤੇ ਮੁਰਦਾ ਪੰਛੀ ਲਿਆਇਆ।
"ਤੂੰ ਠੀਕ ਢੰਗ ਨਾਲ ਚੁਣਿਆ ਹੈ", ਪਰਮਾਤਮਾ ਨੇ ਕਿਹਾ, “ਕਿਉਂਕਿ ਮੇਰੇ ਪਰਲੋਕ ਦੇ ਬਾਗ਼ ਵਿਚ ਇਹ ਛੋਟਾ ਜਿਹਾ ਪੰਛੀ ਸਦਾ ਲਈ ਗਾਉਂਦਾ ਰਹੇਗਾ ਅਤੇ ਮੇਰੇ ਸੋਨੇ ਦੇ ਸ਼ਹਿਰ ਵਿਚ ਖੁੱਸ਼ ਰਾਜਕੁਮਾਰ ਪ੍ਰਸੰਨ ਰਹੇਗਾ।"